ਅੰਮ੍ਰਿਤ ਸੰਚਾਰ:

ਸੰਨ 1699 ਈ. ਵਿਚ ਵਿਸਾਖੀ ਦੇ ਮੌਕੇ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਪੰਜ ਪਿਆਰਿਆਂ ਦੀ ਚੋਣ ਕੀਤੀ ਜੋ ਗੁਰੂ ਸਾਹਿਬ ਦੀ ਮੰਗ ਤੇ ਆਪਣਾ ਸੀਸ ਗੁਰੂ ਸਾਹਿਬ ਨੂੰ ਭੇਟ ਕਰਨ ਲਈ ਉਠੇ, ਅਤੇ ਖਾਲਸਾ ਪੰਥ ਦੀ ਸਿਰਜਣਾ ਕੀਤੀ I ਇਸ ਇਤਿਹਾਸਕ ਅਵਸਰ ਦੇ ਉੱਤੇ ਗੁਰੂ ਸਾਹਿਬ ਨੇ ਪੰਜ ਬਾਣੀਆਂ ਜਪੁ ਜੀ ਸਾਹਿਬ , ਜਾਪੁ ਸਾਹਿਬ , ਸੁਧਾ ਸਵਯੇ , ਚੋਪਈ ਸਾਹਿਬ ਅਤੇ ਅਨੰਦੁ ਸਾਹਿਬ ਦਾ ਪਾਠ ਕਰਕੇ ਅੰਮ੍ਰਿਤ (ਖੰਡੇ ਦੀ ਪਾਹੁਲ) ਤਿਆਰ ਕੀਤਾ ਤੇ ਉਹਨਾਂ ਚੁਣੇ ਹੋਏ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਤੇ ਸਿੰਘ ਸਜਾ ਦਿੱਤਾ I

ਅੰਮ੍ਰਿਤ ਛਕਣਾ ਜ਼ਰੂਰੀ ਹੈ:

ਉਸ ਤੋਂ ਬਾਅਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਛਕਿਆ I ਉਸ ਦਿਨ ਤੋਂ ਗੁਰੂ ਸਾਹਿਬ ਨੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਣਾ ਜ਼ਰੂਰੀ ਕਰ ਦਿੱਤਾ I ਕੋਈ ਵੀ ਅੰਮ੍ਰਿਤ ਛੱਕੇ ਬਗੈਰ ਖਾਲਸਾ ਪੰਥ ਵਿੱਚ ਸ਼ਾਮਲ ਨਹੀ ਹੋ ਸਕਦਾ I ਇਸ ਸੰਬੰਧ ਵਿੱਚ ਗੁਰੂ ਸਾਹਿਬ ਨੇ ਇੱਕ ਰਹਿਤਨਾਮੇ ਵਿੱਚ ਹੁਕਮ ਦਿੱਤਾ ਹੈ (" ਪ੍ਰਥਮ ਰਹਿਤ ਯਹਿ ਜਾਨ , ਖੰਡੇ ਕੀ ਪਾਹੁਲ ਛਕੇ ")

ਭਾਈ ਗੁਰਸ਼ਰਨ ਸਿੰਘ ਜੀ ਦੇ ਯਤਨ:

ਜਿਹਨਾਂ ਤੇ ਸਤਿਗੁਰੂ ਜੀ ਦੀ ਅਪਾਰ ਬਖਸਿਸ਼ ਹੁੰਦੀ ਹੈ , ਉਹਨਾਂ ਪਾਸੋਂ ਸਤਿਗੁਰੂ ਜੀ ਆਪ ਹੀ ਆਪਣੇ ਕਾਰਜਾਂ ਦੀ ਸੇਵਾ ਲੈ ਲੈਂਦੇ ਹਨ I ਉਹਨਾਂ ਵਿਚੋਂ ਹੀ ਭਾਈ ਗੁਰਸ਼ਰਨ ਸਿੰਘ ਜੀ ਹਨ, ਜੋ ਕਿ ਭਾਈ ਦਇਆ ਸਿੰਘ ਜੀ ਨਿਸ਼ਕਾਮ ਸਤਿਸੰਗ ਸਭਾ ਦੇ ਮੁਖੀ ਅਤੇ ਸੰਸਥਾਪਕ ਹਨ ਅਤੇ ਇੱਕ ਪ੍ਰਸਿੱਧ ਨਿਸ਼ਕਾਮ ਕੀਰਤਨੀਏ ਹਨ I ਗੁਰਬਾਣੀ ਗਾਇਨ ਕਰਨ ਤੋਂ ਇਲਾਵਾ ਆਪ ਜੀ ਹਮੇਸ਼ਾ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿਖਿਆਵਾਂ ਦਾ ਪ੍ਰਚਾਰ ਕਰਦੇ ਹਨ ਕਿ ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਛਕੇ ਬਗੈਰ ਖਾਲਸਾ ਪੰਥ ਵਿਚ ਸ਼ਾਮਲ ਨਹੀ ਹੋ ਸਕਦਾ I ਉਹਨਾਂ ਨੇ ਸਿੱਖ ਸੰਗਤ ਨੂੰ ਅੰਮ੍ਰਿਤ ਛੱਕਣ ਦੀ ਪ੍ਰੇਰਨਾ ਦੇਣ ਲਈ ਬਹੁਤ ਜ਼ੋਰਦਾਰ ਯਤਨ ਕੀਤੇ ਹਨ I ਆਪ ਜੀ ਨੇ ਹਮੇਸ਼ਾ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਸੰਦੇਸ਼ ਦਾ ਪ੍ਰਚਾਰ ਕੀਤਾ ਹੈ ਕਿ ਜੇਕਰ ਆਪਣੀ ਆਤਮਾ ਦੀ ਮੈਲ ਧੋਣਾਂ ਚਾਹੁੰਦੇ ਹੋ ਜੋ ਜੁਗਾਂ ਜੁਗਾਂ ਤੋਂ ਮੈਲੀ ਹੁੰਦੀ ਆ ਰਹੀ ਹੈ ,ਤਾਂ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣ ਕੇ , ਗੁਰ-ਸ਼ਬਦ ਦੀ ਕਮਾਈ ਕਰਨਾ ਅਤੇ ਗੁਰੂ ਆਸ਼ੇ ਮੁਤਾਬਿਕ ਚਲਣਾ ਜਰੂਰੀ ਹੈ I ਇਸ ਸੰਸਥਾ ਦੀ ਸਥਾਪਨਾ ਦੇ ਸ਼ੁਰੂ ਤੋਂ ਹੀ ਭਾਈ ਗੁਰਸ਼ਰਨ ਸਿੰਘ ਜੀ ਵੱਡੀ ਗਿਣਤੀ ਵਿੱਚ ਅੰਮ੍ਰਿਤ ਸੰਚਾਰ ਪ੍ਰੋਗਰਾਮਾਂ ਦਾ ਆਯੋਜਨ ਕਰਦੇ ਆ ਰਹੇ ਹਨ । ਕੇਵਲ ਲੁਧਿਆਣਾ ਵਿਚ ਹੀ ਨਹੀ ਸਗੋਂ ਜਿਥੇ ਵੀ ਭਾਈ ਗੁਰਸ਼ਰਨ ਸਿੰਘ ਜੀ ਕੀਰਤਨ ਕਰਨ ਲਈ ਜਾਂਦੇ ਹਨ ਉੱਥੇ ਅੰਮ੍ਰਿਤ ਸੰਚਾਰ ਵੀ ਕੀਤਾ ਜਾਂਦਾ ਹੈ I ਅੰਮ੍ਰਿਤ ਸੰਚਾਰ ਪ੍ਰੋਗਰਾਮ ਅੰਮ੍ਰਿਤ ਵਰਖਾ ਸਮਾਗਮ ਦੇ ਸਮੇਂ ਵੀ ਕੀਤਾ ਜਾਂਦਾ ਹੈ I ਸਤਿਗੁਰ ਜੀ ਦੀ ਕਿਰਪਾ ਦੇ ਨਾਲ ਕੇਵਲ ਲੁਧਿਆਣੇ ਵਿਚ ਹੀ ਨਹੀ, ਭਾਈ ਗੁਰਸ਼ਰਨ ਸਿੰਘ ਜੀ ਦੇ ਉਪਰਾਲੇ ਸਦਕਾ ਹੁਣ ਤੀਕ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਗੁਰੂ ਵਾਲੇ ਬਣ ਚੁੱਕੇ ਹਨ I