ਸਿੱਖ ਧਰਮ ਵਿੱਚ ਇਸਤਰੀਆਂ:
ਸਿੱਖ ਧਰਮ ਸੰਸਾਰ ਦੇ ਅੰਦਰ ਇੱਕੋ ਇੱਕ ਧਰਮ ਹੈ ਜੋ ਇਸਤਰੀ ਨੂੰ ਪੁਰਸ਼ ਦੇ ਸਮਾਨ ਸਤਿਕਾਰ ਦਿੰਦਾ ਹੈ I ਸਿੱਖ ਇਤਿਹਾਸ ਵਿੱਚ ਇਸਤਰੀਆਂ ਨੇ ਬੇਮਿਸਾਲ ਰੋਲ ਨਿਭਾਏ ਹਨ ਜਿੰਨਾ ਦੀ ਪੂਰੇ ਸੰਸਾਰ ਵਿਚ ਕੋਈ ਮਿਸਾਲ ਨਹੀ ਮਿਲਦੀ I ਸਿੱਖ ਇਤਿਹਾਸ ਵਿੱਚ ਅਜਿਹੀਆਂ ਮਿਸਾਲਾਂ ਮਿਲਦੀਆਂ ਹਨ ਜਿੱਥੇ ਸਿੱਖ ਇਸਤਰੀਆਂ ਨੇ ਅਧਿਯਾਤਮਕ ਉਚਾਈਆਂ ਛੂਹਣ ਦੇ ਨਾਲ – ਨਾਲ ਬਹਾਦਰ ਯੋਧਿਆਂ ਵਾਂਗ ਜੰਗਾਂ ਵੀ ਲੜੀਆਂ ਹਨ I ਮਾਈ ਭਾਗ ਕੌਰ ਜੀ ਨੇ ਮੁਗਲਾਂ ਦੇ ਵਿਰੁੱਧ ਲੜੀ ਮੁਕਤਸਰ ਦੀ ਜੰਗ ਵਿੱਚ ਬੇਮਿਸਾਲ ਬਹਾਦਰੀ ਦਾ ਸਬੂਤ ਦਿੱਤਾ I ਸਿੱਖ ਇਤਿਹਾਸ ਵਿੱਚ ਅਜੇਹੀਆਂ ਹੋਰ ਬਹੁਤ ਸਾਰੀਆਂ ਉਦਾਹਰਨਾਂ ਹਨ ਜਿੱਥੇ ਇਸਤਰੀਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ ਤੇ ਗੁਰਦਵਾਰਾ ਸਾਹਿਬਾਂ ਦੀ ਰੋਜ ਦੀ ਅਰਦਾਸ ਵਿੱਚ ਉਹਨਾਂ ਦੀ ਬਹਾਦਰੀ ਨੂੰ ਯਾਦ ਕੀਤਾ ਜਾਂਦਾ ਹੈ I ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਨੂੰ ਬਹੁਤ ਸਤਿਕਾਰ ਦਿੱਤਾ ਹੈ I ਆਪ ਜੀ ਫੁਰਮਾਉਂਦੇ ਹਨ ‘ਸੋ ਕਿਉ ਮੰਦਾ ਆਖੀਏ ਜਿਤੁ ਜੰਮੇ ਰਾਜਾਨ ‘ II ਗੁਰੂ ਸਾਹਿਬ ਦਾ ਇਹ ਉਚਾਰਨ ਤੋਂ ਭਾਵ ਹੈ ਕਿ ਜਿਸ ਇਸਤਰੀ ਨੇ ਸੰਸਾਰ ਦੇ ਵੱਡੇ – ਵੱਡੇ ਰਾਜਿਆਂ , ਮਹਾਰਾਜਿਆਂ ਨੂੰ ਜਨਮ ਦਿੱਤਾ ਹੈ ਉਸ ਦੀ ਨਿੰਦਿਆਂ ਨਹੀ ਕੀਤੀ ਜਾਣੀ ਚਾਹੀਦੀ I ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਜੀ ਅਧਿਯਾਤਮਕ ਉੱਚਤਾ ਦੀ ਇਕ ਐਸੀ ਵੱਡੀ ਮਿਸਾਲ ਹੈ ਕਿ ਉਹਨਾਂ ਨੇ ਹੀ ਸਭ ਤੋ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅੰਦਰ ਦੀ ਰੱਬੀ ਜੋਤ ਨੂੰ ਪਛਾਣਿਆ ਅਤੇ ਉਹਨਾਂ ਅੱਗੇ ਆਪਣਾ ਮਸਤਕ ਝੁਕਾਇਆ I
ਲੁਧਿਆਣਾ ਇਸਤਰੀ ਵਿੰਗ ਦੀ ਸਥਾਪਨਾ :
ਸਿੱਖ ਧਰਮ ਦੇ ਅੰਦਰ ਔਰਤ ਦੇ ਸਤਿਕਾਰ ਦੀ ਪਰੰਪਰਾ ਨੂੰ ਧਿਆਨ ਵਿੱਚ ਰਖਦੇ ਹੋਏ ਅਤੇ ਲੁਧਿਆਣਾ ਦੀ ਸੰਗਤ ਵਿਚੋਂ ਕੁਝ ਬੀਬੀਆਂ ਜਿਹਨਾਂ ਨੇ ਕਿ ਇਸ ਸੰਸਥਾ ਦੀਆਂ ਨਿਸ਼ਕਾਮ ਲੋਕ ਭਲਾਈ ਅਤੇ ਧਾਰਮਿਕ ਗਤੀਵਿਧੀਆਂ ਵਿੱਚ ਆਪਣਾ ਯੋਗਦਾਨ ਪਾਉਣ ਲਈ ਆਪਣੇ ਜਜ਼ਬਾਤਾਂ ਦਾ ਪ੍ਰਗਟਾਵਾ ਕੀਤਾ , ਦੀ ਬੇਨਤੀ ਤੇ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਨੇ ਮਈ 2006 ਵਿੱਚ ਲੁਧਿਆਣਾ ਵਿਖੇ ਭਾਈ ਦਇਆ ਸਿੰਘ ਜੀ (ਨਿਸ਼ਕਾਮ) ਸਤਿਸੰਗ ਸਭਾ (ਰਜ਼ਿ ) ਦੇ ਇਸਤਰੀ ਵਿੰਗ ਦੀ ਸਥਾਪਨਾ ਕੀਤੀ I ਇਸ ਵਿੰਗ ਦਾ ਨਿਸ਼ਾਨਾ ਗੁਰਮਤਿ ਦਾ ਪ੍ਰਚਾਰ ਕਰਨਾ ਹੈ ਤੇ ਲੁਧਿਆਣਾ ਸ਼ਹਿਰ ਦੀ ਸੰਗਤ ਤੇ ਖਾਸ-ਤੌਰ ਤੇ ਬੀਬੀਆਂ ਨੂੰ ਇਸ ਸੰਸਥਾ ਦੀਆਂ ਨਿਸ਼ਕਾਮ ਗਤੀਵਿਧੀਆਂ, ਜੋ ਮਨੁਖਤਾ ਦੇ ਭਲੇ ਹਿੱਤ ਕੀਤੀਆਂ ਜਾ ਰਹੀਆਂ ਹਨ ਤੋਂ ਜਾਣੂ ਕਰਵਾਉਣਾ ਹੈ I ਜੋ ਬੀਬੀਆਂ ਇਸ ਵਿੰਗ ਵਿੱਚ ਕਾਰਜਸ਼ੀਲ ਹਨ ਉਹ ਪਿਛਲੇ ਕਈ ਸਾਲਾਂ ਤੋਂ ਇਸ ਸੰਸਥਾ ਨਾਲ ਜੁੜੀਆਂ ਹੋਇਆਂ ਹਨ ਤੇ ਇਸ ਦੇ ‘ਸਿਮਰਨ ਸਾਧਨਾ’ ਤੇ ‘ਕੀਰਤਨ ਸਮਾਗਮ’ ਪ੍ਰੋਗਰਾਮਾਂ ਵਿਚ ਹਿੱਸਾ ਲੈਂਦੀਆਂ ਰਹੀਆਂ ਹਨ I ਇਸਤਰੀ ਵਿੰਗ ਲੁਧਿਆਣਾ ਦੁਆਰਾ ਲੁਧਿਆਣਾ ਸ਼ਹਿਰ ਦੀਆਂ ਵੱਖ – ਵੱਖ ਥਾਵਾਂ ਤੇ ਕੀਰਤਨ ਸਮਾਗਮ ਕੀਤੇ ਜਾਂਦੇ ਹਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿਖਿਆਵਾਂ ਦਾ ਪ੍ਰਚਾਰ ਕੀਤਾ ਜਾਂਦਾ ਹੈ I
ਇਸਤਰੀ ਵਿੰਗ ਕੀਰਤਨ ਲਈ ਸੰਪਰਕ ਕਰੋ – 93164-13134, 93164-13131